10 ਸਾਲ ਚੱਲੀ ਲਾਦੇਨ ਖਿਲਾਫ਼ ਅਮਰੀਕਾ ਦੀ ਲੜਾਈ

ਵਾਸ਼ਿੰਗਟਨ, 2 ਮਈ- ਅਮਰੀਕੀ ਸੈਨਾ ਨੇ ਆਖਿਰਕਾਰ ਅੱਜ ਅਲਕਾਇਦਾ ਪ੍ਰਮੁੱਖ ਓਸਾਮਾ ਬਿਨ ਲਾਦੇਨ ਨੂੰ ਮਾਰ ਮੁਕਾਇਆ। ਪਿਛਲੇ 10 ਸਾਲਾਂ ਤੋਂ ਅਮਰੀਕਾ ਲਾਦੇਨ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਸੀ। ਲਾਦੇਨ ਖਿਲਾਫ਼ ਅਮਰੀਕਾ ਦੀ ਇਹ ਲੜਾਈ ਉਸ ਸਮੇਂ ਸ਼ੁਰੂ ਹੋਈ ਸੀ, ਜਦੋਂ ਲਾਦੇਨ ਨੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਉਤੇ 11 ਸਤੰਬਰ, 2001 ਨੂੰ ਹਮਲਾ ਕਰਵਾਇਆ ਸੀ। ਇਸ ਹਮਲੇ ਵਿਚ ਲਗਪਗ 3 ਹਜ਼ਾਰ ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਸੀ। ਅਮਰੀਕਾ ਤੋਂ ਪਹਿਲਾਂ ਦੁਨੀਆਂ ਦੇ ਕਈ ਮੁਲਕਾਂ ਉਤੇ ਲਾਦੇਨ ਨੇ ਹਮਲੇ ਕੀਤੇ ਸਨ ਅਤੇ ਲਾਦੇਨ ਦੇ ਇਨ੍ਹਾਂ ਹਮਲਿਆਂ ਤੋਂ ਪੀੜਤ ਦੇਸ਼ਾਂ ਨੇ ਅਮਰੀਕਾ ਅੱਗੇ ਅਪੀਲ ਕੀਤੀ ਸੀ ਕਿ ਉਹ ਇਸ ਅੱਤਵਾਦੀ ਸੰਗਠਨ ਦੇ ਖ਼ਾਤਮੇ ਲਈ ਤੁਰੰਤ ਕਦਮ ਉਠਾਵੇ, ਪਰ ਅਮਰੀਕਾ ਨੂੰ ਲਾਦੇਨ ਦੀ ਅਸਲੀ ਤਾਕਤ ਦਾ ਉਦੋਂ ਪਤਾ ਲੱਗਿਆ, ਜਦੋਂ ਉਸ ਨੂੰ ਖੁਦ ਆਪ ਇਸ ਦਾ ਸ਼ਿਕਾਰ ਹੋਣਾ ਪਿਆ। ਵਰਲਡ ਟ੍ਰੇਡ ਸੈਂਟਰ ‘ਤੇ ਹਮਲੇ ਨੇ ਅਮਰੀਕਾ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ ਅਤੇ ਉਸ ਹਮਲੇ ਦੌਰਾਨ ਤਤਕਾਲੀਨ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਲਾਦੇਨ ਨੂੰ ਮਾਰਨ ਲਈ ਪ੍ਰਣ ਲਿਆ ਸੀ। ਬੁਸ਼ ਨੇ ਲਾਦੇਨ ਨੂੰ ਮਾਰ-ਮੁਕਾਉਣ ਵਾਸਤੇ ਆਪਣੀ ਸੈਨਾ ਨੂੰ ਤੁਰੰਤ ਅਫਗਾਨਿਸਤਾਨ ਭੇਜਿਆ ਸੀ, ਜਿਸ ਨੂੰ ਕਿ ਅਲਕਾਇਦਾ ਦਾ ਗੜ੍ਹ ਮੰਨਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਲਾਦੇਨ ਖਿਲਾਫ਼ ਆਪਣੀ ਲੜਾਈ ਜਾਰੀ ਰੱਖੀ ਅਤੇ ਉਸ ਨੇ ਅਫਗਾਨਿਸਤਾਨ ਵਿਚ ਨਾ ਸਿਰਫ ਆਪਣੀ ਫੌਜੀ ਮੁਹਿੰਮ ਨੂੰ ਚਲਾਈ ਰੱਖਿਆ ਬਲਕਿ ਗੁਆਂਢੀ ਦੇਸ਼ ਪਾਕਿਸਤਾਨ ਨੂੰ ਵੀ ਅੱਤਵਾਦ ਖਿਲਾਫ਼ ਕਾਰਵਾਈ ਲਈ ਆਰਥਿਕ ਮਦਦ ਦਿੱਤੀ ਜਾਂਦੀ ਰਹੀ। ਆਖਿਰਕਾਰ ਹੁਣ ਅਮਰੀਕਾ ਦੀ ਇਹ ਕੋਸ਼ਿਸ਼ ਸਫ਼ਲ ਹੋ ਗਈ ਹੈ, ਪਰ ਅੱਤਵਾਦ ਦੀ ਇਸ ਲੜਾਈ ਵਿਚ ਅਜੇ ਉਸ ਨੂੰ ਬਹੁਤ ਕੁਝ ਕਰਨਾ ਬਾਕੀ ਹੈ।
No comments:
Post a Comment
Note: Only a member of this blog may post a comment.